Skip to content

ਕੱਪੜੇ ਧੋਣ ਸੰਬੰਧੀ ਸੁਝਾਅ

Woman doing a laundry

ਤੁਹਾਡੇ ਕੱਪੜਿਆਂ ਅਤੇ ਤੁਹਾਡੇ ਊਰਜਾ ਦੇ ਬਿੱਲਾਂ ਲਈ ਵਧੀਆ ਵਿਚਾਰ 

ਆਪਣੇ ਕੱਪੜੇ ਧੋਣ ਸਮੇਂ ਕੁਝ ਅਜਿਹੇ ਸੁਝਾਅ ਅਤੇ ਨੁਕਤੇ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਬਿਜਲੀ ਦੇ ਆਪਣੇ ਖ਼ਰਚੇ ਨੂੰ ਘਟਾਉਣਾ ਯਕੀਨੀ ਬਣਾ ਸਕਦੇ ਹੋ। ਇਹ ਤੁਹਾਡੇ ਵਾਸ਼ਰ ਅਤੇ ਡ੍ਰਾਇਰ ਨੂੰ ਜ਼ਿਆਦਾ ਦੇਰ ਤੱਕ ਚਲਦਾ ਰਹਿ ਸਕਣ ਵਿੱਚ ਅਤੇ ਤੁਹਾਡੇ ਕੱਪੜਿਆਂ ਨੂੰ ਵਧੇਰੇ ਹੰਢਣਸਾਰ ਬਣਾਉਣ ਵਿੱਚ ਮਦਦ ਕਰਨਗੇ।

ਕੱਪੜੇ ਧੋਣ ਵਾਲੀਆਂ ਮਸ਼ੀਨਾਂ ਸੰਬੰਧੀ ਸੁਝਾਅ 

ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਇਸਤੇਮਾਲ ਹੋਣ ਵਾਲੀ ਊਰਜਾ ਦਾ ਲਗਭਗ 80% ਹਿੱਸਾ ਪਾਣੀ ਗਰਮ ਕਰਨ ਵਿੱਚ ਲੱਗਦਾ ਹੈ। ਕੱਪੜਿਆਂ ਨੂੰ ਠੰਡੇ ਪਾਣੀ ਵਿੱਚ ਧੋਣਾ ਮਸ਼ੀਨ ਦੀ ਊਰਜਾ ਦੀ ਵਰਤੋਂ ਨੂੰ ਘਟਾਉਣ ਦਾ ਸੌਖਾ ਤਰੀਕਾ ਹੈ। ਆਪਣੀ ਮਸ਼ੀਨ ਦਾ “ਕੋਲਡ ਵਾਸ਼” ਵਾਲਾ ਵਿਕਲਪ ਚੁਣੋ ਅਤੇ ਠੰਡੇ ਪਾਣੀ ਵਿੱਚ ਕੱਪੜੇ ਧੋਣ ਲਈ ਤਿਆਰ ਕੀਤੇ ਡਿਟਰਜੈਂਟ ਦੀ ਵਰਤੋਂ ਕਰਨੀ ਯਕੀਨੀ ਬਣਾਓ।

ਊਰਜਾ ਦੀ ਬਚਤ ਤੋਂ ਇਲਾਵਾ, ਠੰਡੇ ਪਾਣੀ ਵਿੱਚ ਕੱਪੜੇ ਧੋਣਾ ਕੱਪੜਿਆਂ ਲਈ ਵਧੀਆ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਕੱਪੜੇ ਵੀ ਜ਼ਿਆਦਾ ਦੇਰ ਤੱਕ ਚਲਦੇ ਹਨ।

ਕਿੰਨੀਆਂ ਬਚਤਾਂ? ਬੀ.ਸੀ. ਹਾਈਡ੍ਰੋ ਦੇ ਮੌਜੂਦਾ ਰੇਟਾਂ ਮੁਤਾਬਕ, ਅਤੇ ਹਫ਼ਤੇ ਵਿੱਚ ਲਾਂਡਰੀ ਦੇ ਤਿੰਨ ਲੋਡ ਕਰਨ ਦੇ ਆਧਾਰ ’ਤੇ, ਤੁਸੀਂ ਸਾਲਾਨਾ $22 ਦੀ ਬਚਤ ਕਰ ਸਕਦੇ ਹੋ।

ਨਿਪੁੰਨਤਾ ਨੂੰ ਵੱਧ ਤੋਂ ਵੱਧ ਰੱਖਣ ਲਈ, ਵਾਸ਼ਰ ਨੂੰ ਉਸ ਦੀ ਪੂਰੀ ਸਮਰੱਥਾ ਤੱਕ ਭਰੋ, ਜੋ ਕਿ ਲਗਭਗ ਤਿੰਨ-ਚੌਥਾਈ ਹਿੱਸੇ ਦੇ ਬਰਾਬਰ ਹੁੰਦੀ ਹੈ। ਮਸ਼ੀਨ ਵਿੱਚ ਘੱਟ ਕੱਪੜੇ ਪਾਉਣ ਨਾਲ ਊਰਜਾ ਦੀ ਬਰਬਾਦੀ ਹੋ ਸਕਦੀ ਹੈ। ਜੇ ਤੁਹਾਨੂੰ ਥੋੜ੍ਹੇ ਕੱਪੜੇ ਧੋਣ ਦੀ ਲੋੜ ਹੋਵੇ ਤਾਂ ਕੱਪੜੇ ਧੋਣ ਦੀ “ਲਾਈਟ” ਜਾਂ “ਐਕਸਪ੍ਰੈਸ” ਸੈਟਿੰਗ ਦੀ ਵਰਤੋਂ ਕਰੋ।

ਜੇ ਤੁਸੀਂ ਬਹੁਤ ਜ਼ਿਆਦਾ ਲਿੱਬੜੇ ਹੋਏ ਕੱਪੜੇ ਧੋਣੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਪਾਣੀ ਵਿੱਚ ਡੁਬੋ ਕੇ ਰੱਖੋ ਤਾਂ ਕਿ ਉਨ੍ਹਾਂ ਨੂੰ ਵਾਸ਼ਰ ਵਿੱਚ ਦੋ ਵਾਰੀ ਨਾ ਧੋਣਾ ਪਵੇ ਕਿਉਂਕਿ ਇਸ ਨਾਲ ਜ਼ਿਆਦਾ ਊਰਜਾ ਲੱਗਦੀ ਹੈ।

ਧਿਆਨ ਰੱਖੋ ਕਿ ਤੁਸੀਂ ਮਸ਼ੀਨ ਨੂੰ ਜ਼ਿਆਦਾ ਨਾ ਭਰੋ ਕਿਉਂਕਿ ਮਸ਼ੀਨ ਵਿੱਚ ਸਮਰੱਥਾ ਨਾਲ਼ੋਂ ਜ਼ਿਆਦਾ ਕੱਪੜੇ ਪਾ ਦੇਣ ਨਾਲ ਵਾਸ਼ਰ ਨੂੰ ਵਧੇਰੇ ਕੰਮ ਕਰਨਾ ਪਵੇਗਾ ਅਤੇ ਇਸ ਨਾਲ ਤੁਹਾਡੇ ਕੱਪੜਿਆਂ ਦੇ ਚੰਗੀ ਤਰ੍ਹਾਂ ਸਾਫ਼ ਹੋਣ ਵਿੱਚ ਵੀ ਰੁਕਾਵਟ ਖੜ੍ਹੀ ਹੋ ਸਕਦੀ ਹੈ।

ਮਸ਼ੀਨ ਦੇ ਵਾਸ਼ ਸਾਇਕਲ ਦੇ ਅੰਤ ’ਤੇ “ਹਾਈ-ਸਪੀਡ” ਜਾਂ “ਐਕਸਟੈਂਡਿਡ ਸਪਿੱਨ” ਦੇ ਵਿਕਲਪ ਤੁਹਾਡੇ ਧੋਤੇ ਹੋਏ ਕੱਪੜਿਆਂ ਵਿੱਚੋਂ ਨਮੀ ਘਟਾਉਣ ਵਿੱਚ ਸਹਾਈ ਹੁੰਦੇ ਹਨ ਜਿਸ ਨਾਲ ਕੱਪੜੇ ਸੁੱਕਣ ਦੇ ਸਮੇਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਕੱਪੜਿਆਂ ਦੇ ਡ੍ਰਾਇਰ ਸੰਬੰਧੀ ਸੁਝਾਅ 

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਵਿਚਲੇ ਕਿਸੇ ਵੀ ਹੋਰ ਉਪਕਰਣ ਦੇ ਮੁਕਾਬਲੇ ਕੱਪੜੇ ਸੁਕਾਉਣ ਵਾਲਾ ਡ੍ਰਾਇਰ ਪ੍ਰਤੀ ਵਰਤੋਂ ਵਿੱਚ ਵਧੇਰੇ ਊਰਜਾ ਦੀ ਖਪਤ ਕਰਦਾ ਹੈ? ਇਹ ਕਿਸੇ ਆਮ ਘਰ ਦੀ ਬਿਜਲੀ ਦੀ ਲਾਗਤ ਦਾ ਲਗਭਗ 12% ਜਾਂ ਵਧੇਰੇ ਹਿੱਸਾ ਹੈ – ਇਸ ਲਈ ਊਰਜਾ ਦੇ ਆਪਣੇ ਖ਼ਰਚਿਆਂ ਨੂੰ ਘੱਟ ਰੱਖਣ ਵਿੱਚ ਮਦਦ ਲਈ ਇਹ ਮਹੱਤਵਪੂਰਣ ਹੈ ਕਿ ਇਸ ਦੀ ਵਰਤੋਂ ਨਿਪੁੰਨਤਾ ਅਤੇ ਸੰਜਮ ਨਾਲ ਕੀਤੀ ਜਾਵੇ।

  • ਵਸਤਾਂ ਨੂੰ ਉਨ੍ਹਾਂ ਦੀ ਮੋਟਾਈ ਅਨੁਸਾਰ ਸ਼੍ਰੇਣੀਬੱਧ ਕਰੋ। ਹਲਕੀਆਂ, ਅਤੇ ਛੇਤੀ ਸੁੱਕਣ ਵਾਲੀਆਂ ਚੀਜ਼ਾਂ ਨੂੰ ਇੱਕ ਲੋਡ ਵਿੱਚ ਅਤੇ ਤੌਲੀਏ ਜਾਂ ਜੀਨਜ਼ ਜਿਹੀਆਂ ਮੋਟੀਆਂ ਚੀਜ਼ਾਂ ਨੂੰ ਵੱਖਰੇ ਲੋਡ ਵਿੱਚ ਸੁਕਾਓ।
  • ਕੱਪੜਿਆਂ ਨੂੰ ਲੋੜ ਤੋਂ ਵੱਧ ਸੁਕਾਉਣ ਤੋਂ ਪਰਹੇਜ਼ ਕਰੋ। ਨਮੀ ਦਾ ਪਤਾ ਲਗਾਉਣ ਵਾਲੀ “ਮੌਇਸਚਰ ਸੈਂਸਰ” ਸੈਟਿੰਗ ਦੀ ਵਰਤੋਂ ਕਰੋ ਜਾਂ, ਜੇ ਤੁਸੀਂ “ਟਾਈਮਡ ਡ੍ਰਾਇੰਗ” ਫੰਕਸ਼ਨ ਦੀ ਵਰਤੋਂ ਕਰਦੇ ਹੋ, ਤਾਂ ਕਿੰਨਾ ਸਮਾਂ ਲਗਾਉਣਾ ਹੈ ਇਸ ਦਾ ਅੰਦਾਜ਼ੇ ਨਾਲ ਉਦੋਂ ਤੱਕ ਪ੍ਰਯੋਗ ਕਰਦੇ ਰਹੋ ਜਦੋਂ ਤੱਕ ਤੁਸੀਂ ਕੱਪੜੇ ਸੁਕਾਉਣ ਲਈ ਲੋੜੀਂਦੇ ਸਮੇਂ ਨੂੰ ਘੱਟ ਤੋਂ ਘੱਟ ਨਹੀਂ ਕਰ ਲੈਂਦੇ।
  • ਕੱਪੜਿਆਂ ਦੇ ਭਰੇ ਹੋਏ ਲੋਡ ਹੀ ਸੁਕਾਓ। ਨਿੱਕੇ-ਨਿੱਕੇ ਕਈ ਲੋਡਾਂ ਦੀ ਥਾਂ, ਆਪਣੇ ਧੁਲੇ ਹੋਏ ਕੱਪੜਿਆਂ ਨੂੰ ਇਕੱਠਾ ਕਰੋ ਤਾਂ ਕਿ ਤੁਸੀਂ ਇਸਤੇਮਾਲ ਕੀਤੀ ਜਾਣ ਵਾਲੀ ਊਰਜਾ ਦਾ ਪੂਰਾ ਲਾਹਾ ਲੈਣ ਲਈ ਉਚਿਤ ਲੋਡ ਸਾਈਜ਼ ਬਣਾ ਸਕੋ ਜਿਸ ਨਾਲ ਤੁਹਾਨੂੰ ਘੱਟ ਲੋਡ ਚਲਾਉਣੇ ਪੈਣਗੇ।
  • ਬਾਕਾਇਦਾ ਇਸ ਦੀ ਸਫਾਈ ਕਰੋ। ਹਰ ਲੋਡ ਤੋਂ ਬਾਅਦ “ਲਿੰਟ ਟ੍ਰੈਪ” ਨੂੰ ਸਾਫ਼ ਕਰੋ ਅਤੇ ਹਵਾ ਦਾ ਪ੍ਰਵਾਹ ਵਧਾਉਣ ਅਤੇ ਮੋਟਰ ਉੱਪਰ ਪੈਂਦੇ ਜ਼ੋਰ ਨੂੰ ਘਟਾਉਣ ਲਈ ਡ੍ਰਾਇਰ ਵੈਂਟਾਂ ਦੀ ਬਾਕਾਇਦਾ ਸਫਾਈ ਕਰੋ।
  • ਡ੍ਰਾਇਰ ਸ਼ੀਟਾਂ ਦੀ ਥਾਂ ਮੁੜ ਵਰਤਣਯੋਗ ਡ੍ਰਾਇਰ ਬਾਲਜ਼ ਦੀ ਚੋਣ ਕਰੋ। ਡ੍ਰਾਇਰ ਸ਼ੀਟਾਂ ਵਾਂਗ ਹੀ ਡ੍ਰਾਇਰ ਬਾਲਜ਼ ਕੱਪੜਿਆਂ ਉੱਪਰ ਪਏ ਵੱਟ ਘਟਾਉਂਦੀਆਂ ਹਨ ਅਤੇ ਕੱਪੜਿਆਂ ਨੂੰ ਨਰਮ ਕਰਦੀਆਂ ਹਨ ਪਰ ਇਹ ਕਈ ਸਾਲਾਂ ਤੱਕ ਚਲਦੀਆਂ ਹਨ ਅਤੇ ਕੱਪੜਿਆਂ ਦੇ ਗੁੱਛੇ ਬਣਨ ਤੋਂ ਰੋਕਦੀਆਂ ਹਨ ਜਿਸ ਨਾਲ ਕੱਪੜੇ ਛੇਤੀ ਸੁੱਕਦੇ ਹਨ।

ਜੇ ਹੋ ਸਕੇ ਤਾਂ ਕੱਪੜੇ ਤਾਰ ਜਾਂ ਰੈਕ ਉੱਪਰ ਸੁੱਕਣੇ ਪਾਓ

ਕੱਪੜਿਆਂ ਨੂੰ ਤਾਰ ਜਾਂ ਰੈਕ ਉੱਪਰ ਪਾ ਕੇ ਸੁਕਾਉਣਾ ਤੁਹਾਡੇ ਕੱਪੜਿਆਂ ਲਈ ਡ੍ਰਾਇਰ ਦੀ ਹੀਟ ਨਾਲ਼ੋਂ ਜ਼ਿਆਦਾ ਕੋਮਲ ਤਰੀਕਾ ਹੈ। ਹਾਲਾਂਕਿ ਇਹ ਡ੍ਰਾਇਰ ਵਿੱਚ ਕੱਪੜੇ ਪਾਉਣ ਵਾਂਗ ਸੁਵਿਧਾਜਨਕ ਨਹੀਂ ਹੈ, ਪਰ ਕੱਪੜਿਆਂ ਨੂੰ ਤਾਰ ਜਾਂ ਰੈਕ ਉੱਪਰ ਪਾ ਕੇ ਸੁਕਾਉਣ ਨਾਲ ਉਨ੍ਹਾਂ ਦਾ ਆਕਾਰ ਕਾਇਮ ਰਹਿੰਦਾ ਹੈ ਅਤੇ ਤੁਹਾਡੇ ਕੱਪੜੇ ਜ਼ਿਆਦਾ ਦੇਰ ਤੱਕ ਚਲਦੇ ਹਨ।

ਜਦੋਂ ਵੀ ਹੋ ਸਕੇ, ਕੱਪੜਿਆਂ ਨੂੰ ਤਾਰ ਉੱਪਰ ਸੁੱਕਣੇ ਪਾਉਣ ਨਾਲ ਤੁਸੀਂ ਊਰਜਾ ਅਤੇ ਬਿਜਲੀ ਦੇ ਬਿੱਲ ਵਿੱਚ ਪੈਸਿਆਂ ਦੀ ਬਚਤ ਕਰ ਸਕਦੇ ਹੋ।

ਕੱਪੜੇ ਸੁਕਾਉਣ ਲਈ ਸਭ ਤੋਂ ਵਧੀਆ ਥਾਂ ਬਾਹਰ ਖੁੱਲ੍ਹੀ ਹਵਾ ਵਿੱਚ ਹੁੰਦੀ ਹੈ, ਪਰ ਅਜਿਹਾ ਕਰਨ ਤੋਂ ਪਹਿਲਾਂ ਆਪਣੀ ਮਿਊਨਿਸਪੈਲਿਟੀ ਅਤੇ/ਜਾਂ ਸਟ੍ਰਾਟਾ ਤੋਂ ਬਾਹਰ ਕੱਪੜੇ ਸੁਕਾਉਣ ਵਾਲੀਆਂ ਤਾਰਾਂ ਜਾਂ ਰੈਕਾਂ ਸੰਬੰਧੀ ਪਾਬੰਦੀਆਂ ਬਾਰੇ ਪਤਾ ਕਰੋ।

  • ਕੱਪੜਿਆਂ ਨੂੰ ਸੁਕਾਉਣ ਵਾਸਤੇ ਉਨ੍ਹਾਂ ਨੂੰ ਆਪਣੇ ਘਰ ਅੰਦਰਲੇ ਸਭ ਤੋਂ ਹਵਾਦਾਰ ਹਿੱਸੇ ਵਿੱਚ ਟੰਗੋ। ਬਸੰਤ ਰੁੱਤ ਜਾਂ ਗਰਮੀਆਂ ਦੇ ਮੌਸਮ ਵਿੱਚ, ਉਹ ਥਾਂ ਵਧੀਆ ਹੈ ਜੋ ਅਜਿਹੀ ਖਿੜਕੀ ਦੇ ਨੇੜੇ ਹੋਵੇ ਜਿਸ ਨੂੰ ਥੋੜ੍ਹਾ ਜਿਹਾ ਖੋਲ੍ਹਿਆ ਜਾ ਸਕੇ (ਆਦਰਸ਼ਕ ਤੌਰ ’ਤੇ ਜਿੱਥੇ ਧੁੱਪ ਵੀ ਆਉਂਦੀ ਹੋਵੇ)। ਪੱਤਝੜ ਰੁੱਤ ਅਤੇ ਸਰਦੀਆਂ ਦੇ ਮੌਸਮ ਵਿੱਚ, ਉਹ ਥਾਂ ਵਧੀਆ ਹੈ ਜਿੱਥੇ ਵੈਂਟੀਲੇਸ਼ਨ ਫੈਨ ਲੱਗਿਆ ਹੋਵੇ, ਜਿਸ ਦੀ ਕਿ ਸਭ ਤੋਂ ਵੱਧ ਸੰਭਾਵਨਾ ਬਾਥਰੂਮ ਵਿੱਚ ਹੁੰਦੀ ਹੈ।
  • ਗਿੱਲੇ ਕੱਪੜੇ ਬੰਦ ਕਮਰੇ ਅੰਦਰ ਸੁੱਕਣੇ ਨਾ ਪਾਓ, ਜਿਵੇਂ ਕਿ ਬੈੱਡਰੂਮ, ਜਾਂ ਹਵਾਦਾਰੀ ਤੋਂ ਬਗ਼ੈਰ ਥਾਵਾਂ, ਜਿਵੇਂ ਕਿ ਅਲਮਾਰੀਆਂ।
  • ਆਪਣੇ ਕੱਪੜੇ ਸਵੇਰੇ-ਸਵੇਰੇ ਧੋਵੋ ਤਾਂ ਕਿ ਕੱਪੜੇ ਦਿਨ ਵੇਲੇ ਸੁੱਕ ਸਕਣ ਜਦੋਂ ਕਿ ਜ਼ਿਆਦਾਤਰ ਘਰ ਨਿੱਘੇ ਹੁੰਦੇ ਹਨ।
  • ਵੱਡੀਆਂ ਜਾਂ ਭਾਰੀਆਂ ਵਸਤਾਂ ਜਿਵੇਂ ਕਿ ਚਾਦਰਾਂ ਅਤੇ ਰਜਾਈਆਂ ਦੇ ਕਵਰ ਅੰਦਰ ਸੁੱਕਣੇ ਪਾਉਣ ਲਈ ਕਾਫੀ ਵੱਡੇ ਹੁੰਦੇ ਹਨ। ਇਨ੍ਹਾਂ ਨੂੰ ਬਾਹਰ ਸੁੱਕਣੇ ਪਾਉਣਾ ਜਾਂ ਡ੍ਰਾਇਰ ਵਿੱਚ ਸੁਕਾਉਣਾ ਬਿਹਤਰ ਰਹਿੰਦਾ ਹੈ।
  • ਕੱਪੜਿਆਂ ਦੇ ਵਿਚਕਾਰ ਹਵਾ ਦਾ ਵਹਾਅ ਬਰਕਰਾਰ ਰੱਖਣ ਲਈ ਸੁੱਕਣੇ ਪਾਉਣ ਸਮੇਂ ਉਨ੍ਹਾਂ ਵਿਚਕਾਰ ਕਾਫ਼ੀ ਜਗ੍ਹਾ ਛੱਡ ਦਿਓ ਅਤੇ ਅਜਿਹਾ ਕਰਨਾ ਕੱਪੜਿਆਂ ਦੇ ਜਲਦੀ ਸੁੱਕਣ ਵਿੱਚ ਸਹਾਈ ਹੋਵੇਗਾ।
  • ਧੋਤੇ ਹੋਏ ਕੱਪੜਿਆਂ ਨੂੰ ਸੁਕਾਉਣ ਲਈ ਉਨ੍ਹਾਂ ਨੂੰ ਆਪਣੇ ਹੀਟਰ ਜਾਂ ਰੇਡੀਏਟਰ ਦੇ ਉੱਪਰ ਨਾ ਟੰਗੋ। ਇਸ ਨਾਲ ਨਮੀ ਵਾਲੀ ਹਵਾ ਪੈਦਾ ਹੁੰਦੀ ਹੈ ਜੋ ਤੁਹਾਡੀਆਂ ਕੰਧਾਂ ’ਤੇ ਜਮ੍ਹਾਂ ਹੋ ਜਾਵੇਗੀ।
  • ਕੱਪੜਿਆਂ ਨੂੰ ਕੋਟ ਵਾਲੇ ਹੈਂਗਰਾਂ ਉੱਪਰ ਟੰਗੋ। ਇਸ ਨਾਲ ਕੱਪੜਿਆਂ ਦੇ ਦੋਹਾਂ ਪਾਸੇ ਹਵਾ ਲੱਗਣ ਵਿੱਚ ਮਦਦ ਮਿਲਦੀ ਹੈ, ਵੱਟ ਪੈਣ ਤੋਂ ਰੋਕਥਾਮ ਹੁੰਦੀ ਹੈ ਅਤੇ ਸੁੱਕੇ ਹੋਏ ਕੱਪੜਿਆਂ ਨੂੰ ਅਲਾਮਰੀ ਵਿੱਚ ਟੰਗਣਾ ਬਹੁਤ ਸੌਖਾ ਹੋ ਜਾਂਦਾ ਹੈ।