Skip to content

ਰਸੋਈ ਸੰਬੰਧੀ ਸੁਝਾਅ

Close-up image of of cooking pan of fried samosas

ਖਾਣਾ ਪਕਾਉਂਦੇ ਅਤੇ ਸਫਾਈ ਕਰਦੇ ਹੋਏ ਊਰਜਾ ਦੀ ਬਚਤ ਕਰੋ 

ਆਪਣੀ ਰਸੋਈ ਵਿੱਚ ਕੁਝ ਸਧਾਰਣ ਸੁਝਾਵਾਂ ਨੂੰ ਸ਼ਾਮਲ ਕਰ ਕੇ, ਤੁਸੀਂ ਬਿਜਲੀ ਦੀ ਘੱਟ ਵਰਤੋਂ ਅਤੇ ਪੈਸੇ ਦੀ ਬਚਤ ਕਰਦੇ ਹੋਏ ਕੁਝ ਸਵਾਦਲੇ ਭੋਜਨ ਪਕਾ ਸਕਦੇ ਹੋ।

ਖਾਣਾ ਪਕਾਉਣ ਦੇ ਛੋਟੇ ਉਪਕਰਣ 

ਇੱਕ ਛੋਟੇ ਉਪਕਰਣ ਨਾਲ ਖਾਣਾ ਪਕਾਉਣਾ, ਤੁਹਾਡੇ ਅਵਨ ਜਾਂ ਸਟੋਵਟਾਪ ਨਾਲ ਉਸੇ ਭੋਜਨ ਨੂੰ ਪਕਾਉਣ ਨਾਲੋਂ, 75% ਤੱਕ ਘੱਟ ਊਰਜਾ ਦੀ ਵਰਤੋਂ ਕਰਦਾ ਹੈ।

ਛੋਟੇ ਉਪਕਰਣ ਵਿੱਚ ਲਗਭਗ ਹਰ ਭੋਜਨ ਤਿਆਰ ਕੀਤਾ ਜਾ ਸਕਦਾ ਹੈ। ਆਪਣੇ ਮਨਪਸੰਦ ਪਕਵਾਨਾਂ ਲਈ ਇੱਕ ਆਸਾਨ ਆਨਲਾਈਨ ਖੋਜ ਕਰੋ, ਅਤੇ ਤੁਸੀਂ ਉਨ੍ਹਾਂ ਤਰੀਕਿਆਂ ਤੋਂ ਹੈਰਾਨ ਹੋਵੋਗੇ ਜਿਨ੍ਹਾਂ ਨਾਲ ਪਕਵਾਨ ਨੂੰ ਘੱਟ ਊਰਜਾ ਨਾਲ ਪਕਾਇਆ ਜਾ ਸਕਦਾ ਹੈ।

ਹੇਠਾਂ ਕੁਝ ਛੋਟੇ ਉਪਕਰਣਾਂ ਦੇ ਨਾਂ ਦਿੱਤੇ ਹੋਏ ਹਨ ਜਿਨ੍ਹਾਂ ਨਾਲ ਤੁਸੀਂ ਰਸੋਈ ਵਿੱਚ ਸਮਾਂ ਅਤੇ ਪੈਸਿਆਂ ਦੀ ਬਚਤ ਕਰ ਸਕਦੇ ਹੋ:

ਛੋਟਾ ਉਪਕਰਣ  ਸੁਝਾਅ
ਸਲੋਅ ਕੁੱਕਰ 

ਧੀਮੇ ਸੇਕ ’ਤੇ ਛੇ ਘੰਟੇ ਲਈ ਇਸਤੇਮਾਲ ਕੀਤਾ ਸਲੋਅ ਕੁੱਕਰ ਇੱਕ ਘੰਟੇ ਇਸਤੇਮਾਲ ਕੀਤੇ ਇਲੈਕਟ੍ਰਿਕ ਅਵਨ ਨਾਲੋਂ 60% ਘੱਟ ਬਿਜਲੀ ਦੀ ਵਰਤੋਂ ਕਰਦਾ ਹੈ। ਜੇ ਤੁਸੀਂ ਹਫ਼ਤੇ ਵਿੱਚ ਇੱਕ ਵਾਰੀ ਇਸ ਦੀ ਵਰਤੋਂ ਕਰਦੇ ਹੋ, ਇਸ ਨਾਲ ਤੁਹਾਨੂੰ $21 ਸਾਲਾਨਾ ਦੀ ਬਚਤ ਹੋ ਸਕਦੀ ਹੈ।

ਇਸ ਨੂੰ ਦਾਲ, ਚੌਲ਼, ਛੋਲੇ, ਰਾਜਮਾਂਹ, ਸਾਗ, ਚਿਕਨ ਕਰੀ, ਬਟਰ ਚਿਕਨ ਬਣਾਉਣ ਲਈ ਵਰਤੋ।

ਏਅਰ ਫਰਾਇਰ

ਏਅਰ ਫਰਾਇਰ ਗਰਮ ਹਵਾ ਦੀ ਵਰਤੋਂ ਕਰਦੇ ਹਨ ਜਿਸ ਨਾਲ ਖਾਣਾ ਛੇਤੀ ਪਕਦਾ ਹੈ ਅਤੇ ਊਰਜਾ ਦੀ ਘੱਟ ਵਰਤੋਂ ਹੁੰਦੀ ਹੈ। ਨਾਲ ਹੀ, ਇਸ ਵਿੱਚ ਤੇਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਦਾ ਮਤਲਬ ਹੈ ਕਿ ਤੁਹਾਡਾ ਭੋਜਨ ਜ਼ਿਆਦਾ ਸਿਹਤਮੰਦ ਹੋਵੇਗਾ।

ਇਸ ਵਿੱਚ ਸਪ੍ਰਿੰਗ ਰੋਲ, ਕ੍ਰਿਸਪੀ ਸਬਜ਼ੀਆਂ ਅਤੇ ਮਸਾਲਾ ਲੱਗੀ ਮੱਛੀ ਜਾਂ ਚਿਕਨ ਅਤੇ ਆਲੂਆਂ ਦੀਆਂ ਫਰਾਈਜ਼ ਬਣਾਓ। ਠੰਡਾ ਪੀਜ਼ਾ, ਨਾਨ ਜਾਂ ਰੋਟੀ ਨੂੰ ਦੁਬਾਰਾ ਗਰਮ ਕਰਨ ਲਈ ਵੀ ਏਅਰ ਫਰਾਇਰ ਬਹੁਤ ਵਧੀਆ ਅਤੇ ਆਸਾਨ ਤਰੀਕਾ ਹੈ।

ਬਲੈਂਡਰ   ਬਲੈਂਡਰ ਨੂੰ ਕਈ ਅਜਿਹੇ ਭੋਜਨ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਸਟੋਵਟਾਪ ’ਤੇ ਬਣਾਉਣ ਲਈ ਲੰਮੇ ਸਮੇਂ ਲਈ ਧੀਮੀ ਆਂਚ ’ਤੇ ਪਕਾਉਣਾ ਪੈਂਦਾ ਹੈ, ਜਿਵੇਂ ਕਿ ਸੂਪ, ਚਟਣੀਆਂ, ਅਤੇ ਮਿੱਠੇ ਪਕਵਾਨ।
ਟੋਸਟਰ ਅਵਨ

ਰਿਵਾਇਤੀ ਵੱਡੇ ਅਵਨ ਵਿੱਚ ਤਿਆਰ ਕੀਤੇ ਜਾਣ ਵਾਲੇ ਕਈ ਪਕਵਾਨਾਂ ਨੂੰ ਆਸਾਨੀ ਨਾਲ ਟੋਸਟਰ ਅਵਨ ਵਿੱਚ ਘੱਟ ਸਮੇਂ ਅਤੇ ਊਰਜਾ ਦੀ ਘੱਟ ਵਰਤੋਂ ਨਾਲ ਤਿਆਰ ਕੀਤਾ ਜਾ ਸਕਦਾ ਹੈ।

ਇਸ ਦੀ ਵਰਤੋਂ ਛੋਟੇ ਪੀਜ਼ੇ, ਗਰਮ ਸੈਂਡਵਿੱਚ ਬਣਾਉਣ, ਸਬਜ਼ੀਆਂ ਭੁੰਨਣ, ਜਾਂ ਘੱਟ ਮਾਤਰਾ ਵਿੱਚ ਕੁੱਕੀਜ਼ ਅਤੇ ਮਫਿਨ ਜਾਂ ਸਮੋਸੇ ਬਣਾਉਣ ਲਈ ਕਰੋ।

ਪ੍ਰੈਸ਼ਰ ਕੁੱਕਰ

ਪ੍ਰੈਸ਼ਰ ਕੁੱਕਰ, ਜਿਵੇਂ ਕਿ ਇੰਸਟੈਂਟ ਪੌਟ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾ ਸਕਦੀ ਹੈ ਜਿਸ ਵਿੱਚ ਭੋਜਨ ਨੂੰ ਹਲਕਾ ਜਿਹਾ ਤਲਣ ਤੋਂ ਲੈ ਕੇ ਹੌਲੀ-ਹੌਲੀ ਪਕਾਉਣ ਅਤੇ ਪ੍ਰੈਸ਼ਰ ਕੁਕਿੰਗ ਵੀ ਸ਼ਾਮਲ ਹਨ।

ਇਹ ਹੋਰਨਾਂ ਛੋਟੇ ਉਪਕਰਣਾਂ ਦੇ ਬਦਲ ਬਣ ਕੇ ਤੁਹਾਡੇ ਸਮੇਂ, ਊਰਜਾ ਅਤੇ ਕਾਊਂਟਰ ਉੱਪਰਲੀ ਥਾਂ ਦੀ ਬਚਤ ਕਰੇਗਾ।

ਇਸ ਦੀ ਵਰਤੋਂ ਕਰ ਕੇ ਫ਼ਟਾਫ਼ਟ ਚੌਲ਼ ਅਤੇ ਦਾਲਾਂ ਬਣਾਓ, ਦਹੀਂ ਜਮਾਓ, ਮੀਟ ਅਤੇ ਤਰੀਆਂ ਵਾਲੀਆਂ ਵੱਖ-ਵੱਖ ਸਬਜ਼ੀਆਂ ਅਤੇ ਖੀਰ ਬਣਾਓ।

ਮਾਈਕ੍ਰੋਵੇਵ ਰਿਵਾਇਤੀ ਅਵਨ ਦੇ ਮੁਕਾਬਲੇ ਮਾਈਕ੍ਰੋਵੇਵ 80% ਤੱਕ ਘੱਟ ਊਰਜਾ ਦੀ ਵਰਤੋਂ ਕਰਦੇ ਹਨ ਅਤੇ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਦੇ ਹਨ। ਅਵਨ ਨੂੰ ਪ੍ਰੀ-ਹੀਟ ਕਰਨ ਤੋਂ ਪਹਿਲਾਂ ਦੇਖੋ ਕਿ ਤੁਹਾਡੇ ਪਕਵਾਨ ਨੂੰ ਤਿਆਰ ਕਰਨ ਲਈ ਕੀ ਮਾਈਕ੍ਰੋਵੇਵ ਵਾਲੀ ਕੋਈ ਊਰਜਾ-ਨਿਪੁੰਨ ਬਦਲਵੀਂ ਵਿਧੀ ਮੌਜੂਦ ਹੈ। ਫੈਂਟੇ ਹੋਏ ਅੰਡੇ, ਚੌਲ਼, ਚਾਹ, ਕੇਕ ਨੂੰ ਮਾਈਕ੍ਰੋਵੇਵ ਵਿੱਚ ਬਣਾ ਕੇ ਦੇਖੋ।
ਇਲੈਕਟ੍ਰਿਕ ਕੇਤਲੀ  ਸਟੋਵ ਉੱਪਰ ਪਾਣੀ ਗਰਮ ਕਰਨ ਦੇ ਮੁਕਾਬਲੇ ਇਲੈਕਟ੍ਰਿਕ ਕੇਤਲੀ ਵਿੱਚ ਪਾਣੀ ਗਰਮ ਕਰਨ ਨਾਲ ਬਿਜਲੀ ਦੀ 50% ਘੱਟ ਵਰਤੋਂ ਹੁੰਦੀ ਹੈ।


ਡਿਸ਼ਵਾਸ਼ਰ

ਡਿਸ਼ਵਾਸ਼ਰ ਨਾਲ ਰਸੋਈ ਵਿੱਚ ਸਮੇਂ ਦੀ ਕਾਫੀ ਬਚਤ ਹੁੰਦੀ ਹੈ। ਆਪਣੇ ਡਿਸ਼ਵਾਸ਼ਰ ਦੀ ਨਿਪੁੰਨਤਾ ਨੂੰ ਵੱਧ ਤੋਂ ਵੱਧ ਕਰਨ ਲਈ ਹੇਠ ਲਿਖੇ ਸੁਝਾਵਾਂ ਦੀ ਪਾਲਣਾ ਕਰੋ।

  • ਆਪਣੇ ਡਿਸ਼ਵਾਸ਼ਰ ਨੂੰ ਉਦੋਂ ਹੀ ਚਲਾਓ ਜਦੋਂ ਇਸ ਦਾ ਲੋਡ ਪੂਰਾ ਭਰਿਆ ਹੋਵੇ। ਇਸ ਨਾਲ ਪ੍ਰਤੀ ਹਫ਼ਤੇ ਤੁਹਾਡੇ ਡਿਸ਼ਵਾਸ਼ਰ ਦੇ ਇਸਤੇਮਾਲ ਦੀ ਗਿਣਤੀ ਵਿੱਚ ਲਗਭਗ ਦੋ ਲੋਡਾਂ ਦੀ ਕਟੌਤੀ ਹੋ ਸਕਦੀ ਹੈ (ਜਿਸ ਨਾਲ ਤੁਹਾਨੂੰ ਸਾਲਾਨਾ $15 ਦੀ ਬਚਤ ਹੋ ਸਕਦੀ ਹੈ)।
  • “ਹੀਟ-ਡ੍ਰਾਈ” ਸੈਟਿੰਗ ਬੰਦ ਕਰ ਕੇ ਦੇਖੋ। “ਹੀਟ-ਡ੍ਰਾਈ” ਸੁਵਿਧਾ ਊਰਜਾ ਦੀ ਕਾਫੀ ਵਰਤੋਂ ਕਰਦੀ ਹੈ, ਅਤੇ ਗਰਮੀਆਂ ਦੌਰਾਨ ਤੁਹਾਡੇ ਘਰ ਅੰਦਰ ਅਣਚਾਹਿਆ ਨਿੱਘ ਪੈਦਾ ਕਰਦੀ ਹੈ। ਆਪਣੇ ਭਾਂਡਿਆਂ ਨੂੰ ਹਵਾ ਲਗਾ ਕੇ ਸੁਕਾਓ ਅਤੇ ਆਪਣੇ ਡਿਸ਼ਵਾਸ਼ਰ ਦੀ ਊਰਜਾ ਦੀ ਵਰਤੋਂ ਵਿੱਚ ਲਗਭਗ 15% ਦੀ ਕਟੌਤੀ ਕਰੋ।
  • ਮਾਂਜਣ ਲਈ ਜੇ ਥੋੜ੍ਹੇ ਹੀ ਭਾਂਡੇ ਹੋਣ ਤਾਂ ਡਿਸ਼ਵਾਸ਼ਰ ਦੀ ਵਰਤੋਂ ਕਰਨ ਦੀ ਥਾਂ ਉਨ੍ਹਾਂ ਨੂੰ ਹੱਥ ਨਾਲ ਮਾਂਜਣਾ ਵਧੇਰੇ ਨਿਪੁੰਨ ਤਰੀਕਾ ਹੈ।
  • ਜੇ ਤੁਸੀਂ ਨਵਾਂ ਡਿਸ਼ਵਾਸ਼ਰ ਖ਼ਰੀਦ ਰਹੇ ਹੋ, ਤਾਂ ENERGY STAR® (ਐਨਰਜੀ ਸਟਾਰ) ਡਿਸ਼ਵਾਸ਼ਰ ਦੀ ਚੋਣ ਕਰੋ।  ਇਹ ਪ੍ਰਮਾਣਿਤ ਮਾਡਲ ਇੱਕ ਸਾਧਾਰਨ ਮਾਡਲ ਦੇ ਮੁਕਾਬਲੇ ਔਸਤਨ 12% ਘੱਟ ਊਰਜਾ ਅਤੇ 30% ਘੱਟ ਪਾਣੀ ਦੀ ਵਰਤੋਂ ਕਰਦੇ ਹਨ।

ਫਰਿੱਜ ਅਤੇ ਫਰੀਜ਼ਰ 

ਘਰ ਵਿਚਲੇ ਹੋਰਨਾਂ ਵੱਡੇ ਉਪਕਰਣਾਂ ਦੇ ਉਲਟ, ਫਰਿੱਜ ਅਤੇ ਫਰੀਜ਼ਰ ਦਿਨ ਵਿੱਚ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਕੰਮ ਕਰਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਹ ਬਿਲਕੁਲ ਠੀਕ ਹਾਲਤ ਵਿੱਚ ਹਨ ਅਤੇ ਨਿਪੁੰਨਤਾ ਨਾਲ ਕੰਮ ਕਰ ਰਹੇ ਹਨ ਹੋਣ ਤਾਂ ਕਿ ਤੁਹਾਡੇ ਬਿਜਲੀ ਦੇ ਬਿੱਲ ਉੱਪਰ ਬੇਲੋੜਾ ਭਾਰ ਨਾ ਪਏ।  

ਇਹ ਯਕੀਨੀ ਬਣਾਓ ਕਿ ਤੁਹਾਡਾ ਫਰਿੱਜ ਸਹੀ ਤਾਪਮਾਨ ’ਤੇ ਸੈੱਟ ਕੀਤਾ ਹੋਇਆ ਹੈ, ਜੋ ਕਿ 2°C ਅਤੇ 3°C ਵਿਚਕਾਰ ਹੁੰਦਾ ਹੈ।

ਆਪਣੇ ਫਰਿੱਜ ਦੇ ਦਰਵਾਜ਼ੇ ਦੀ ਸੀਲ ਦੀ ਜਾਂਚ ਕਰੋ। ਤੁਹਾਡੇ ਫਰਿੱਜ ਦੀਆਂ ਸੀਲਾਂ ਸਮੇਂ ਦੇ ਨਾਲ ਖ਼ਰਾਬ ਹੋ ਸਕਦੀਆਂ ਹਨ, ਅਤੇ ਜੇਕਰ ਉਹ ਫਰਿੱਜ ਦੇ ਦਰਵਾਜ਼ੇ ਨੂੰ ਬੰਦ ਕਰਨ ਦੇ ਨਾਲ ਚੰਗੀ ਤਰ੍ਹਾਂ ਸੀਲ ਨਹੀਂ ਕਰ ਰਹੀਆਂ ਹਨ, ਤਾਂ ਠੰਡੀ ਹਵਾ ਬਾਹਰ ਨਿਕਲਦੀ ਰਹੇਗੀ ਅਤੇ ਫਰਿੱਜ ਨੂੰ ਠੰਡਾ ਰਹਿਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਪਵੇਗਾ।

  1. ਆਪਣੇ ਫਰਿੱਜ ਨੂੰ ਬੰਦ ਕਰਦੇ ਹੋਏ ਫਰਿੱਜ ਦੇ ਦਰਵਾਜ਼ੇ ਅਤੇ ਸੀਲ ਵਿਚਕਾਰ ਕਾਗਜ਼ ਦਾ ਇੱਕ ਟੁਕੜਾ ਰੱਖ ਕੇ ਤੁਸੀਂ ਸੀਲ ਦੀ ਜਾਂਚ ਕਰ ਸਕਦੇ ਹੋ।
  2.  ਜੇ ਤੁਸੀਂ ਦਰਵਾਜ਼ੇ ਵਿੱਚ ਕਾਗਜ਼ ਨੂੰ ਆਸਾਨੀ ਨਾਲ ਹਿਲਾ ਸਕਦੇ ਹੋਵੋ ਤਾਂ ਫਰਿੱਜ ਕਸ ਕੇ ਸੀਲ ਨਹੀਂ ਹੋਇਆ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਪੁਰਾਣੀ ਸੀਲ ਨੂੰ ਬਦਲ ਕੇ ਨਵੀਂ ਸੀਲ ਲਗਾਉਣੀ ਚਾਹੀਦੀ ਹੈ।

ਇਹ ਯਕੀਨੀ ਬਣਾਓ ਕਿ ਤੁਹਾਡਾ ਫਰੀਜ਼ਰ ਸਹੀ ਤਾਪਮਾਨ ’ਤੇ ਸੈੱਟ ਕੀਤਾ ਹੋਇਆ ਹੈ, ਜੋ ਕਿ -15°C ਅਤੇ -18°C ਵਿਚਕਾਰ ਹੁੰਦਾ ਹੈ।

ਆਪਣੇ ਫਰੀਜ਼ਰ ਅੰਦਰਲੀਆਂ ਖ਼ਾਲੀ ਥਾਵਾਂ ਵਿੱਚ ਜੰਮੇ ਹੋਏ ਪਾਣੀ ਨਾਲ ਭਰੇ ਪਲਾਸਟਿਕ ਵਾਲੇ ਕੰਟੇਨਰ ਰੱਖੋ। ਇਸ ਨਾਲ ਤੁਹਾਡਾ ਫਰੀਜ਼ਰ ਨਿਪੁੰਨਤਾ ਨਾਲ ਕੰਮ ਕਰਨਾ ਜਾਰੀ ਰੱਖੇਗਾ ਕਿਉਂਕਿ ਖ਼ਾਲੀ ਥਾਵਾਂ ਨੂੰ ਠੰਡਾ ਰੱਖਣ ਵਾਸਤੇ ਫਰੀਜ਼ਰ ਨੂੰ ਫਾਲਤੂ ਕੰਮ ਕਰਨ ਦੀ ਲੋੜ ਨਹੀਂ ਪਏਗੀ।