Skip to content

ਪਾਵਰਿੰਗ ਗ੍ਰੋਥ ਯੋਜਨਾ

Hugh Keenleyside Dam aerial view

ਬੀ.ਸੀ. ਦੇ ਅਗਲੇ ਪੜਾਅ ਨੂੰ ਊਰਜਾ ਦੇ ਰਹੇ ਹਾਂ।

ਬੀ.ਸੀ. ਸਾਫ਼ ਬਿਜਲੀ ਦੇ ਵਿਕਾਸ ਦੇ ਇੱਕ ਨਵੇਂ ਦੌਰ ਵੱਲ ਅੱਗੇ ਵੱਧ ਰਿਹਾ ਹੈ। ਮੰਗ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ, ਅਸੀਂ ਕਿਫਾਇਤੀ ਦਰਾਂ ਨੂੰ ਬਰਕਰਾਰ ਰੱਖਣ, ਭਰੋਸੇਯੋਗਤਾ ਕਾਇਮ ਰੱਖਣ ਅਤੇ ਬੀ.ਸੀ. ਦੇ ਭਵਿੱਖ ਨੂੰ ਊਰਜਾ ਪ੍ਰਦਾਨ ਕਰਨ ਲਈ ਆਪਣੀ ਸਾਫ਼ ਊਰਜਾ ਪ੍ਰਣਾਲੀ ਦਾ ਵਿਸਥਾਰ ਕਰਨ ਵਾਸਤੇ ਹੁਣ ਕਦਮ ਚੁੱਕ ਰਹੇ ਹਾਂ।

ਅਜਿਹੀ ਵਿਰਾਸਤ ਜਿਸ 'ਤੇ ਭਵਿੱਖ ਦੀ ਉਸਾਰੀ ਕਰਨੀ ਹੈ

1960 ਅਤੇ 1980 ਦੇ ਦਹਾਕਿਆਂ ਦਰਮਿਆਨ ਬਣਾਏ ਗਏ ਵੱਡੇ ਪਣ-ਬਿਜਲੀ ਪ੍ਰੋਜੈਕਟ ਅਜੇ ਵੀ ਸਾਡੇ ਊਰਜਾ ਤੰਤਰ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਦੇ ਸਦਕਾ ਅਸੀਂ 98% ਨਵਿਆਉਣਯੋਗ ਬਿਜਲੀ ਪੈਦਾ ਕਰਨ ਦੇ ਯੋਗ ਹਾਂ ਅਤੇ ਸਾਡੀਆਂ ਦਰਾਂ ਉੱਤਰੀ ਅਮਰੀਕਾ ਵਿੱਚ ਸਭ ਤੋਂ ਘੱਟ ਦਰਾਂ ਵਿੱਚ ਸ਼ਾਮਲ ਹਨ। ਇਹ ਵਿਰਾਸਤ ਬੀ.ਸੀ. ਨੂੰ ਇੱਕ ਮਜ਼ਬੂਤ ਫ਼ਾਇਦਾ ਦਿੰਦੀ ਹੈ, ਕਿਉਂਕਿ ਆਬਾਦੀ ਵਿੱਚ ਵਾਧਾ, ਬਿਜਲੀਕਰਨ ਅਤੇ ਉਦਯੋਗਿਕ ਖੇਤਰ ਵਿੱਚ ਰਿਕਾਰਡ ਪੱਧਰ ਦੇ ਨਿਵੇਸ਼ ਕਾਰਨ ਬਿਜਲੀ ਦੀ ਮੰਗ ਹਾਲੀਆ ਇਤਿਹਾਸ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਹੋ ਗਈ ਹੈ।

ਜੌਨ ਹੌਰਗਨ ਡੈਮ ਅਤੇ ਜਨਰੇਟਿੰਗ ਸਟੇਸ਼ਨ ਨੂੰ ਸੇਵਾ ਵਿੱਚ ਲਿਆਉਣਾ, ਬਿਜਲੀ ਲਈ ਦੋ ਕਾਲਾਂ ਨੂੰ ਪੂਰਾ ਕਰਨਾ, ਅਤੇ ਊਰਜਾ ਕੁਸ਼ਲਤਾ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਵਰਗੀਆਂ ਕਾਰਵਾਈਆਂ BC ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰ ਰਹੀਆਂ ਹਨ। 2050 ਤੱਕ ਬਿਜਲੀ ਦੀ ਖਪਤ ਵਿੱਚ ਲਗਭਗ 50% ਵਾਧਾ ਹੋਣ ਦੀ ਉਮੀਦ ਹੈ, ਜਦਕਿ ਸਭ ਤੋਂ ਵੱਧ ਮੰਗ- ਭਾਵ ਸਭ ਤੋਂ ਠੰਢੇ ਦਿਨਾਂ ਵਿੱਚ ਬਿਜਲੀ ਦੀ ਸਭ ਤੋਂ ਵੱਧ ਵਰਤੋਂ ਵਾਲੇ ਸਮੇਂ ਦੀ ਮੰਗ- 44% ਵਧਣ ਦੀ ਉਮੀਦ ਹੈ।

ਯੋਜਨਾ: ਸੰਭਾਲ | ਕੁਸ਼ਲ ਬਣਾਉਣਾ | ਨਿਰਮਾਣ

ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ, ਭਰੋਸੇਯੋਗਤਾ ਬਣਾਈ ਰੱਖਣ ਲਈ ਨਵੀਂ ਸਮਰੱਥਾ ਅਤੇ ਸਾਫ਼ ਊਰਜਾ ਵਿੱਚ ਲਗਾਤਾਰ ਨਿਵੇਸ਼ ਕਰਨਾ- ਖਾਸ ਤੌਰ ’ਤੇ ਵੱਧ ਮੰਗ ਵਾਲੇ ਸਮੇਂ ਲਈ ਭਰੋਸੇਯੋਗ ਅਤੇ ਲਚਕਦਾਰ ਸਰੋਤਾਂ ਵਿੱਚ- ਬਹੁਤ ਜ਼ਰੂਰੀ ਹੋਵੇਗਾ। ਸਾਡੀ ਪਾਵਰਿੰਗ ਗ੍ਰੋਥ ਰਣਨੀਤੀ ਪਿਛਲੇ ਨਿਵੇਸ਼ਾਂ 'ਤੇ ਆਧਾਰਿਤ ਹੈ ਅਤੇ ਤਿੰਨ ਮੁੱਖ ਕਾਰਜਾਂ 'ਤੇ ਕੇਂਦਰਿਤ ਇੱਕ ਬਹੁ-ਪੱਧਰੀ ਪਹੁੰਚ ਅਪਣਾਉਂਦੀ ਹੈ:

  • ਸੰਭਾਲ: ਊਰਜਾ-ਕੁਸ਼ਲਤਾ ਰਾਹੀਂ ਬਿਜਲੀ ਦੀ ਮੰਗ ਘਟਾਓ, ਜੋ ਕਿ ਸਭ ਤੋਂ ਘੱਟ ਲਾਗਤ ਵਾਲਾ ਸਰੋਤ ਹੈ, ਜਿਵੇਂ ਕਿ ਸਾਡੀ ਪਾਵਰ ਸਮਾਰਟ 2.0 ਯੋਜਨਾ ਵਿੱਚ ਦਰਸਾਇਆ ਗਿਆ ਹੈ।
  • ਕੁਸ਼ਲ ਬਣਾਉਣਾ: ਮੌਜੂਦਾ ਪਣ-ਬਿਜਲੀ ਸਰੋਤਾਂ ਨੂੰ ਆਧੁਨਿਕ ਬਣਾਕੇ ਹੋਰ ਭਰੋਸੇਯੋਗ ਸਮਰੱਥਾ ਹਾਸਲ ਕਰੋ।
  • ਨਿਰਮਾਣ: ਲੰਬੇ ਸਮੇਂ ਦੇ ਵਿਕਾਸ ਨੂੰ ਸਹਾਰਾ ਦੇਣ ਲਈ ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਦੀ ਨਵੀਂ ਸਮਰੱਥਾ ਵਿਕਸਤ ਕਰੋ।

ਇਨ੍ਹਾਂ ਤਿੰਨਾਂ ਨੂੰ ਇੱਕੋ ਸਮੇਂ ਅੱਗੇ ਵਧਾਉਣ ਨਾਲ ਬੀ.ਸੀ. ਨੂੰ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਰਹਿਣ ਵਾਸਤੇ ਲੋੜੀਂਦੀ ਲਚਕਤਾ ਮਿਲਦੀ ਹੈ।

ਯੋਜਨਾ ਪੜ੍ਹੋ [PDF, 7.5 MB]

(ਇਹ PDF ਦਸਤਾਵੇਜ਼ ਅੰਗਰੇਜ਼ੀ ਵਿੱਚ ਹੈ।)

ਸੰਭਾਲ: ਪਾਵਰ ਸਮਾਰਟ 2.0Conserve:

2008 ਤੋਂ, 'ਪਾਵਰ ਸਮਾਰਟ' ਪਹਿਲਕਦਮੀਆਂ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਹਰ ਸਾਲ 7,500 ਗੀਗਾਵਾਟ-ਘੰਟਿਆਂ ਤੋਂ ਵੱਧ ਬਿਜਲੀ ਦੀ ਬਚਤ ਕੀਤੀ ਹੈ- ਜੋ ਹਰ ਸਾਲ 750,000 ਤੋਂ ਵੱਧ ਘਰਾਂ ਨੂੰ ਬਿਜਲੀ ਪ੍ਰਦਾਨ ਕਰਨ ਲਈ ਕਾਫ਼ੀ ਹੈ। ਇਸ ਮਜ਼ਬੂਤ ਨੀਂਹ 'ਤੇ ਅਧਾਰਤ, ਅਸੀਂ ਮਈ 2026 ਵਿੱਚ 1 ਬਿਲੀਅਨ ਡਾਲਰ ਦੀ Power Smart 2.0 ਯੋਜਨਾ ਸ਼ੁਰੂ ਕੀਤੀ, ਜੋ ਸਾਡੇ ਇਤਿਹਾਸ ਵਿੱਚ ਊਰਜਾ ਸੰਭਾਲ ਲਈ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਹੈ। 2030 ਤੱਕ, ਇਸ ਤੋਂ ਹੇਠ ਲਿਖੇ ਨਤੀਜੇ ਪ੍ਰਦਾਨ ਹੋਣਗੇ:

  • 800 ਮੈਗਾਵਾਟ (MW) ਸਮਰੱਥਾ ਦੀ ਬਚਤ
  • 2,200 ਗੀਗਾਵਾਟ-ਘੰਟੇ (GWh) ਦੀ ਸਾਲਾਨਾ ਊਰਜਾ ਬੱਚਤ
  • ਬੁਨਿਆਦੀ ਢਾਂਚੇ ਦੇ ਖਰਚਿਆਂ ਵਿੱਚ $2 ਬਿਲੀਅਨ ਦੀ ਬਚਤ
  • $1.4 ਬਿਲੀਅਨ ਦਾ ਕੁੱਲ ਘਰੇਲੂ ਉਤਪਾਦ (GDP) ਅਤੇ ਹਰ ਸਾਲ 3,500 ਨੌਕਰੀਆਂ

ਨਵੀਆਂ ਪੇਸ਼ਕਸ਼ਾਂ ਵਿੱਚ ਮੁਫ਼ਤ ਸਮਾਰਟ ਥਰਮੋਸਟੈਟ, ਤੁਰੰਤ ਛੋਟਾਂ, ਇਨਾਮ, ਆਮਦਨ ਦੇ ਆਧਾਰ ’ਤੇ ਯੋਗ ਗਾਹਕਾਂ ਲਈ ਵਧੇਰੇ ਸਹਾਇਤਾ ਅਤੇ ਕਾਰੋਬਾਰਾਂ ਲਈ ਵਧੇਰੇ ਪ੍ਰੋਤਸਾਹਨ ਸ਼ਾਮਲ ਹਨ।

ਕੁਸ਼ਲ ਬਣਾਉਣਾ: ਮੌਜੂਦਾ ਸਰੋਤਾਂ ਤੋਂ ਹੋਰ ਬਿਜਲੀ ਹਾਸਲ ਕਰਨਾ

ਬੀ.ਸੀ. ਹਾਈਡਰੋ ਦੀ ਪਣ-ਬਿਜਲੀ ਪ੍ਰਣਾਲੀ ਵਿੱਚ ਸੁਧਾਰਾਂ ਨਾਲ 1,000 ਮੈਗਾਵਾਟ ਤੋਂ ਵੱਧ ਭਰੋਸੇਯੋਗ ਸਮਰੱਥਾ ਵਿੱਚ ਵਾਧਾ ਹੋਵੇਗਾ।
Upgrades across BC Hydro’s hydroelectric system will add more than 1,000 MW of dependable capacity.

  • ਰੇਵਲਸਟੋਕ ਯੂਨਿਟ 6: ਛੇਵੀਂ ਬਿਜਲੀ ਉਤਪਾਦਨ ਯੂਨਿਟ 500 ਮੈਗਾਵਾਟ ਦੀ ਕਿਫ਼ਾਇਤੀ ਸਮਰੱਥਾ ਜੋੜੇਗੀ, ਜਿਸ ਨਾਲ ਬਿਜਲੀ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਅਤੇ ਨਵੇਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੀ ਸਾਡੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।
  • ਜੀਐਮ ਸ਼ਰਮ ਜਨਰੇਟਿੰਗ ਸਟੇਸ਼ਨ ਦਾ ਆਧੁਨਿਕੀਕਰਨ: ਪੰਜ ਬਿਜਲੀ ਉਤਪਾਦਨ ਯੂਨਿਟਾਂ ਵਿੱਚ ਸੁਧਾਰ ਕਰਨ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇਗਾ, ਉਨ੍ਹਾਂ ਦੀ ਵਰਤੋਂ ਦੀ ਮਿਆਦ ਵਧੇਗੀ ਅਤੇ 100 ਮੈਗਾਵਾਟ ਦੀ ਭਰੋਸੇਯੋਗ ਸਮਰੱਥਾ ਵਧੇਗੀ।
  • ਹੋਰ ਕੁਸ਼ਲਤਾ ਵਧਾਉਣ ਵਾਲੇ ਸੁਧਾਰ: ਰੇਵਲਸਟੋਕ ਯੂਨਿਟ 1 ਤੋਂ 4, ਮਾਈਕਾ ਯੂਨਿਟ 1 ਤੋਂ 4 ਅਤੇ ਸੈਵਨ ਮਾਈਲ ਟਰਬਾਈਨਾਂ ਨੂੰ ਆਧੁਨਿਕ ਬਣਾਉਣ ਦੇ ਨਾਲ-ਨਾਲ ਫਾਲਸ ਰਿਵਰ, ਕਲੋਹੋਮ, ਵਾਹਲੀਚ, ਕੂਟਨੀ ਕੈਨਾਲ ਅਤੇ ਸੀਟਨ ਵਿਖੇ ਕੀਤੇ ਜਾਣ ਵਾਲੇ ਸੁਧਾਰਾਂ ਨਾਲ 400 ਮੈਗਾਵਾਟ ਤੋਂ ਵੱਧ ਸਮਰੱਥਾ ਦਾ ਵਾਧਾ ਹੋਵੇਗਾ, ਅਤੇ ਇਸ ਤੋਂ ਇਲਾਵਾ ਹੋਰ ਮੌਕਿਆਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਨਿਰਮਾਣ: ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਦੀ ਨਵੀਂ ਸਮਰੱਥਾ

ਬਚਤ ਅਤੇ ਕੁਸ਼ਲਤਾ ਵਧਾਉਣ ਦੇ ਬਾਵਜੂਦ, ਬੀ.ਸੀ. ਨੂੰ ਨਵੀਂ ਸਪਲਾਈ ਅਤੇ ਵਧੇਰੇ ਮਜ਼ਬੂਤ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਦੀ ਲੋੜ ਪਵੇਗੀ।

ਭਵਿੱਖ ਦੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਦੀ ਪੜਚੋਲ

ਜਿਵੇਂ-ਜਿਵੇਂ ਬੀ.ਸੀ. ਦਾ ਵਿਕਾਸ ਹੋ ਰਿਹਾ ਹੈ ਅਤੇ ਬਿਜਲੀ ਦੀ ਮੰਗ ਵੱਧ ਰਹੀ ਹੈ, ਅਸੀਂ ਆਪਣੇ ਊਰਜਾ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਲਈ ਹੋਰ ਪੌਣ ਅਤੇ ਸੂਰਜੀ ਊਰਜਾ ਸ਼ਾਮਲ ਕਰ ਰਹੇ ਹਾਂ। ਇਸ ਦੇ ਨਾਲ-ਨਾਲ, ਇਨ੍ਹਾਂ ਸਰੋਤਾਂ ਦੇ ਕਾਰਨ ਲੋੜ ਪੈਣ ’ਤੇ ਭਰੋਸੇਯੋਗ ਤਰੀਕੇ ਨਾਲ ਉਪਲਬਧ ਬਿਜਲੀ ਸਮਰੱਥਾ ਦੀ ਲੋੜ ਵੀ ਵੱਧਦੀ ਹੈ- ਖਾਸ ਕਰਕੇ ਸਰਦੀਆਂ ਦੇ ਠੰਢੇ ਦਿਨਾਂ ਵਰਗੇ ਸਭ ਤੋਂ ਵੱਧ ਮੰਗ ਵਾਲੇ ਸਮੇਂ ਦੌਰਾਨ। ਇਸੇ ਲਈ, ਬਿਜਲੀ ਪ੍ਰਣਾਲੀ ਦੀ ਸਮਰੱਥਾ ਵਧਾਉਣ ਲਈ ਵੱਡੇ ਪੱਧਰ 'ਤੇ ਪਣ-ਬਿਜਲੀ ਉਤਪਾਦਨ ਅਜੇ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਵੱਡੇ ਪੱਧਰ ਦੀ ਪਣ-ਬਿਜਲੀ ਦੀ ਲੋੜ ਦੇ ਸਮੇਂ ਵੱਡੀ ਅਤੇ ਭਰੋਸੇਯੋਗ ਸਮਰੱਥਾ ਪ੍ਰਦਾਨ ਕਰਨ ਦੀ ਵਿਲੱਖਣ ਸਮਰੱਥਾ ਦਾ ਮੁਕਾਬਲਾ ਬਹੁਤ ਘੱਟ ਹੋਰ ਤਕਨੀਕਾਂ ਕਰ ਸਕਦੀਆਂ ਹਨ, ਅਤੇ ਜਿਵੇਂ-ਜਿਵੇਂ ਅਸੀਂ ਹੋਰ ਅਸਥਿਰ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਪ੍ਰਣਾਲੀ ਵਿੱਚ ਸ਼ਾਮਲ ਕਰਾਂਗੇ, ਇਨ੍ਹਾਂ ਦੀ ਭੂਮਿਕਾ ਹੋਰ ਵੀ ਵੱਡੀ ਹੋਵੇਗੀ।

ਅਸੀਂ ਭਵਿੱਖ ਦੇ ਦੋ ਸੰਭਾਵੀ ਪ੍ਰੋਜੈਕਟਾਂ ਬਾਰੇ ਮੁੱਢਲੀ ਪੜਚੋਲ ਸ਼ੁਰੂ ਕਰ ਰਹੇ ਹਾਂ ਤਾਂ ਜੋ ਲੰਬੇ ਸਮੇਂ ਦੇ ਵਿਕਲਪਾਂ ਅਤੇ ਬੀ.ਸੀ. ਵਿੱਚ ਜਨਤਕ ਮਾਲਕੀਅਤ ਵਾਲੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਦੀ ਅਗਲੀ ਪੀੜ੍ਹੀ ਕਿਹੋ ਜਿਹੀ ਹੋ ਸਕਦੀ ਹੈ, ਇਸ ਬਾਰੇ ਬਿਹਤਰ ਸਮਝ ਪ੍ਰਾਪਤ ਕੀਤੀ ਜਾ ਸਕੇ। ਇਨ੍ਹਾਂ ਵਿੱਚ ਸ਼ਾਮਲ ਹਨ:

  • ਸਾਈਟ ਈ: ਪੀਸ ਰਿਵਰ ’ਤੇ ਸਥਿਤ ਅਤੇ ਹਾਲ ਹੀ ਵਿੱਚ ਮੁਕੰਮਲ ਹੋਏ ਜੌਨ ਹੌਰਗਨ ਡੈਮ ਅਤੇ ਜਨਰੇਟਿੰਗ ਸਟੇਸ਼ਨ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ’ਤੇ ਮੌਜੂਦ, ਇਹ ਸੰਭਾਵੀ ਸਾਈਟ ਈ ਪ੍ਰੋਜੈਕਟ ਖੇਤਰ ਵਿੱਚ ਸਮਰੱਥਾ ਵਧਾਉਣ ਲਈ ਮੌਜੂਦਾ ਜਲ-ਭੰਡਾਰ ਦੀ ਸਟੋਰੇਜ ਦਾ ਲਾਭ ਉਠਾਏਗਾ। ਮੁੱਢਲੇ ਅਨੁਮਾਨਾਂ ਅਨੁਸਾਰ, ਇਹ 750 ਮੈਗਾਵਾਟ ਤੱਕ ਦੀ ਬਿਜਲੀ ਉਤਪਾਦਨ ਸਮਰੱਥਾ ਪ੍ਰਦਾਨ ਕਰ ਸਕਦਾ ਹੈ ਅਤੇ ਹਰ ਸਾਲ ਲਗਭਗ 3,000 ਗੀਗਾਵਾਟ-ਘੰਟੇ ਊਰਜਾ ਪੈਦਾ ਕਰ ਸਕਦਾ ਹੈ।
  • ਹੋਮਾਥਕੋ: ਬਿਊਟ ਇਨਲੈਟ ਦੇ ਨੇੜੇ ਸਥਿਤ ਇਹ ਸੰਭਾਵੀ ਹੋਮਾਥਕੋ ਪ੍ਰੋਜੈਕਟ, ਵੈਨਕੂਵਰ ਤੋਂ ਲਗਭਗ 250 ਕਿਲੋਮੀਟਰ ਉੱਤਰ-ਪੱਛਮ ਵੱਲ ਹੈ, ਜਿਸ ਵਿੱਚ ਵੱਧ ਤੋਂ ਵੱਧ ਚਾਰ ਡੈਮ ਅਤੇ ਤਿੰਨ ਪਾਵਰਹਾਊਸ ਹੋਣਗੇ, ਅਤੇ ਇਸ ਦੀ ਬਣਤਰ ਦੇ ਆਧਾਰ ’ਤੇ ਇਹ ਲਗਭਗ 900 ਮੈਗਾਵਾਟ ਤੱਕ ਦੀ ਸਮਰੱਥਾ ਅਤੇ ਹਰ ਸਾਲ 4,500 ਗੀਗਾਵਾਟ-ਘੰਟੇ ਊਰਜਾ ਪ੍ਰਦਾਨ ਕਰ ਸਕਦਾ ਹੈ। ਨਾਲ ਲੱਗਦੀ ਦਰਿਆ ਪ੍ਰਣਾਲੀ (ਸਾਊਥਗੇਟ) ਤੋਂ 200 ਮੈਗਾਵਾਟ ਦੀ ਵਾਧੂ ਸਮਰੱਥਾ ਹਾਸਲ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੰਭਾਵੀ ਪ੍ਰੋਜੈਕਟ ਸਥਾਨ ਨੂੰ ਵਿਲੀਅਮਜ਼ ਲੇਕ ਅਤੇ ਵੈਨਕੂਵਰ ਆਈਲੈਂਡ ਵਿਖੇ ਸੂਬਾਈ ਬਿਜਲੀ ਗ੍ਰਿਡ ਨਾਲ ਜੋੜਨ ਵਾਲੀਆਂ ਟ੍ਰਾਂਸਮਿਸ਼ਨ ਲਾਈਨਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਇਸ ਪੜਚੋਲ ਦਾ ਮਤਲਬ ਇਹ ਨਹੀਂ ਹੈ ਕਿ ਪ੍ਰੋਜੈਕਟ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਗੋਂ, ਇਸ ਦਾ ਮਕਸਦ ਸੂਬੇ ਦੀਆਂ ਭਵਿੱਖ ਦੀਆਂ ਊਰਜਾ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਲਈ ਸੋਚ-ਸਮਝ ਕੇ ਫੈਸਲੇ ਲੈਣ ਵਾਸਤੇ ਲੋੜੀਂਦੀ ਜਾਣਕਾਰੀ ਇਕੱਠੀ ਕਰਨਾ ਹੈ। ਵੱਡੇ ਸਮਰੱਥਾ ਵਾਲੇ ਸਰੋਤਾਂ- ਜਿਵੇਂ ਕਿ ਡੈਮ ਅਤੇ ਬਿਜਲੀ ਉਤਪਾਦਨ ਕੇਂਦਰ- ਦੀ ਯੋਜਨਾ ਬਣਾਉਣ ਅਤੇ ਵਿਕਸਤ ਕਰਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਇਹ ਕੰਮ ਹੁਣੇ ਸ਼ੁਰੂ ਕਰਨ ਨਾਲ ਸਾਨੂੰ ਆਪਣੇ ਵਿਕਲਪਾਂ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਭਵਿੱਖ ਦੀਆਂ ਸਮਰੱਥਾ ਲੋੜਾਂ ਨੂੰ ਸਮੇਂ ਸਿਰ ਅਤੇ ਜ਼ਿੰਮੇਵਾਰੀ ਨਾਲ ਪੂਰਾ ਕਰਨ ਲਈ ਤਿਆਰ ਰਹਿਣ ਵਿੱਚ ਮਦਦ ਮਿਲੇਗੀ।

ਵਾਧੂ ਸਮਰੱਥਾ ਸਰੋਤ

ਅਸੀਂ ਆਪਣੇ ਸਿਸਟਮ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਭੂ-ਤਾਪੀ (ਜੀਓਥਰਮਲ) ਊਰਜਾ, ਸਰਦੀਆਂ ਦੌਰਾਨ ਭਰੋਸੇਯੋਗਤਾ ਵਧਾਉਣ ਲਈ ਬਾਇਓਮਾਸ, ਵੱਡੇ ਪੱਧਰ ’ਤੇ ਬੈਟਰੀ ਸਟੋਰੇਜ ਅਤੇ ਨਵੀਆਂ ਉੱਭਰ ਰਹੀਆਂ ਤਕਨੀਕਾਂ ਦੀ ਸੰਭਾਵਨਾ ਦਾ ਵੀ ਮੁਲਾਂਕਣ ਕਰ ਰਹੇ ਹਾਂ।

ਟ੍ਰਾਂਸਮਿਸ਼ਨ ਨੂੰ ਮਜ਼ਬੂਤ ਕਰਨਾ

ਸਵੱਛ ਊਰਜਾ ਨੂੰ ਲੋੜੀਂਦੇ ਖੇਤਰਾਂ ਤੱਕ ਪਹੁੰਚਾਉਣ ਲਈ, ਅਸੀਂ ਪ੍ਰਮੁੱਖ ਟ੍ਰਾਂਸਮਿਸ਼ਨ ਨਿਵੇਸ਼ ਨੂੰ ਅੱਗੇ ਵਧਾ ਰਹੇ ਹਾਂ, ਜਿਸ ਵਿੱਚ ਸ਼ਾਮਲ ਹਨ:

  • ਨੌਰਥ ਕੋਸਟ ਟਰਾਂਸਮਿਸ਼ਨ ਲਾਈਨ: ਪ੍ਰਿੰਸ ਜੌਰਜ ਅਤੇ ਟੈਰਸ ਵਿਚਕਾਰ ਸਮਰੱਥਾ ਨੂੰ ਦੁੱਗਣਾ ਕਰਨਾ।
  • ਖੇਤਰੀ ਆਰਥਿਕ ਵਿਕਾਸ ਪਹਿਲਕਦਮੀਆਂ: ਤੇਜ਼ੀ ਨਾਲ ਵਿਕਾਸ ਕਰ ਰਹੇ ਮੁੱਖ ਖੇਤਰਾਂ ਵਿੱਚ ਵਿਕਾਸ ਨੂੰ ਸਹਿਯੋਗ ਦੇਣਾ, ਜਿਨ੍ਹਾਂ ਵਿੱਚ ਨੌਰਥ ਥੌਮਪਸਨ ਤੋਂ ਕੈਮਲੂਪਸ, ਵਿਲੀਅਮਜ਼ ਲੇਕ, ਟੈਰਸ ਤੋਂ ਕਿਟੀਮੈਟ, ਪੋਰਟ ਆਫ਼ ਪ੍ਰਿੰਸ ਰੂਪਰਟ ਅਤੇ ਸਾਊਥ ਪੀਸ ਮੌਂਟਨੀ ਖੇਤਰ ਸ਼ਾਮਲ ਹਨ।
  • ਮੌਜੂਦਾ ਪ੍ਰਮੁੱਖ ਟ੍ਰਾਂਸਮਿਸ਼ਨ ਮਾਰਗਾਂ ਦਾ ਅਪਗ੍ਰੇਡ ਕਰਨਾ: ਲੋਅਰ ਮੇਨਲੈਂਡ ਤੋਂ ਵੈਨਕੂਵਰ ਆਈਲੈਂਡ ਅਤੇ ਇੰਟੀਰੀਅਰ ਤੋਂ ਲੋਅਰ ਮੇਨਲੈਂਡ ਤੱਕ ਦੇ ਟ੍ਰਾਂਸਮਿਸ਼ਨ ਮਾਰਗਾਂ ਵਿੱਚ ਸੁਧਾਰ।

ਮਿਲ ਕੇ ਭਵਿੱਖ ਦਾ ਨਿਰਮਾਣ

ਬੀ.ਸੀ. ਦੇ ਊਰਜਾ ਭਵਿੱਖ ਦੀ ਉਸਾਰੀ ਉਦਯੋਗਿਕ ਭਾਈਵਾਲਾਂ, ਗਾਹਕਾਂ, ਫਰਸਟ ਨੇਸ਼ਨਜ਼ ਅਤੇ ਭਾਈਚਾਰਿਆਂ ਨਾਲ ਅਰਥਪੂਰਨ ਸਹਿਯੋਗ 'ਤੇ ਨਿਰਭਰ ਕਰਦੀ ਹੈ। ਇਹ ਸਾਂਝੇਦਾਰੀਆਂ ਅਜਿਹੀ ਬਿਜਲੀ ਪ੍ਰਣਾਲੀ ਨੂੰ ਵਿਕਸਤ ਕਰਨ ਵਿੱਚ ਮਦਦ ਕਰਨਗੀਆਂ ਜੋ ਸਾਂਝੀਆਂ ਤਰਜੀਹਾਂ ਨੂੰ ਦਰਸਾਏ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੋਚ-ਸਮਝ ਕੇ ਤਿਆਰ ਕੀਤੀ ਜਾਵੇ।